ਐ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ
ਪੰਜਾਬ ਦੀ ਜਵਾਨੀ ਨੂੰ
ਭਟਕ ਦੇ ਦੇਖ ਕੇ, ਤੇਰੀ ਯਾਦ ਆਉਦੀ ਏ
ਅਣਖ ਨਾਲ ਜੀਣ ਦਾ ਜ਼ਜ਼ਬਾ
ਗੈਰਤ ਨੂੰ ਹਲੂਣਾ ਦਿੰਦੀ ਸੋਚ
ਗੁਆਚ ਗਈ ਲਗਦੀ ਏ
ਸਮੈਕਾਂ ਦੇ ਸੂਟੇ,
ਨਾੜਾਂ ਚ ਟੀਕੇ ਲਾਉਦੇ
ਤੇਰੇ ਹਾਣੀਆਂ ਨੂੰ ਤੱਕ,
ਪੰਜਾਬ ਦੀ ਧਰਤ ਹੋ ਉਦਾਸ ਗਈ ਲਗਦੀ ਏ
ਲਾਲੇ ਲਾਜਪਤ ਦੇ ਪਤਾ ਨਹੀ,
ਕੋਈ ਝਰੀਟ ਆਈ ਵੀ ਸੀ ਕਿ ਨਹੀ
ਪਰ ਪੰਜਾਬ ਦੀ ਅਣਖ ਨੂੰ ਪਾਈ ਵੰਗਾਰ
ਤੂੰ ਕਬੂਲ ਕੀਤੀ ਸੀ
ਤੇ
ਸਾਂਡਰਸ ਦੀ ਹਿੱਕ ਚ
ਗਰਮ ਲੋਹਾ ਉਤਾਰ ਦਿੱਤਾ ਸੀ
ਪੰਜਾਬ ਦੀ ਅਣਖ ਸਿਰ ਚੜਿਆ ਕਰਜ਼ਾ
ਸੂਦ ਸਣੇ ਉਤਾਰ ਦਿੱਤਾ ਸੀ
ਅੱਜ ਤੇਰੇ ਵਾਰਸ ਕਹਾਉਣ ਵਾਲੇ
ਰੰਗ ਦੇ ਬਸੰਤੀ ਚੋਲਾ,ਮਾਏ ਮੇਰਾ ਰੰਗ ਦੇ ਬਸੰਤੀ ਚੋਲਾ
ਉੱਚੇ ਸੁਰ ਚ ਗਾਉਦੇ ਨੇ
ਤੇ
ਪਾਰਲੀਮੈਟ ਚ ਲੋਕ ਵਿਰੋਧੀ ਬਿਲਾਂ
ਟਾਡਾ ਤੇ ਪੋਟਾ ਦੇ ਹੱਕ ਚ ਵੋਟ ਪਾਉਦੇ ਨੇ
ਇਨਕਲਾਬ ਦਾ ਨਾਅਰਾ ਲਾਉਣ ਵਾਲੇ ਵੀ,
ਬਸ
ਨਾਅਰਿਆ ਤੱਕ ਹੀ ਸੀਮਤ ਰਹਿ ਗਏ ਨੇ
ਕਿਰਤੀਆ ਦੇ ਹੱਕਾਂ ਦੀ ਗੱਲ
ਕਰਦੇ-ਕਰਦੇ
ਸਰਮਾਏਦਾਰਾਂ ਨਾਲ ਜੂੜ ਕੇ ਬਹਿ ਗਏ ਨੇ
ਕੰਮੀਆ ਦੇ ਵਿਹੜਿਆ ਚ ਡੁੱਬਾ ਸੂਰਜ,
"ਕਿੰਗ-ਮੇਕਰਾਂ ਨੂੰ ਦਿਖਾਈ ਨਹੀ ਦਿੰਦਾ
ਆਪਣਿਆ,ਗੈਰਾਂ ਦੇ ਹੱਥੋ ਲਹੂ-ਲੁਹਾਣ
ਪੰਜਾਬ ਦਿਖਾਈ ਨਹੀ ਦਿੰਦਾ
"ਪੰਜਾਬ ਕੰਨੀ ਕੰਡ ਕਰਕੇ ਦਿੱਲੀ ਦੇ ਪੈਰ ਚੱਟਣ ਵਾਲਿਆ ਹੁਣ ਕੋਈ ਘਾਟ ਨਹੀ"
ਘਾਟ ਹੈ ਤਾਂ ਸਿਰਫ ਉਹਨਾਂ ਦੀ
ਜੋ "ਸੰਤ ਰਾਮ ਉਦਾਸੀ" ਦੇ ਵਾਗੂੰ
ਸੁੱਤੇ ਭੁਝੰਗ ਜਗਾ ਸਕਣ
ਕੰਮੀਆ ਦੇ ਵਿਹੜਿਆ ਚ ਡੁੱਬੇ
ਸੂਰਜਾਂ ਨੂੰ ਮਘਾ ਸਕਣ
"ਇਨਕਲਾਬੀ ਬੰਤ" ਦੇ ਵਾਂਗੂੰ
ਹੱਥ ਵਢਾ ਕੇ ਵੀ ਗਾ ਸਕਣ
"ਚੋਹਲੇ ਵਾਲੇ ਨਿਰਮਲ" ਵਾਗੂੰ
ਹਿੱਕਾਂ ਡਾਹ ਕੇ ਹੇਕਾਂ ਲਾ ਸਕਣ
ਤੇ
ਸਮਝਾ ਸਕਣ
ਇਹਨਾ ਪੁਤਲੇ ਫੂਕ ਫੋਰਸਾਂ ਨੂੰ
ਕਿ
ਹੱਕ ਮੰਗਿਆ ਨਹੀ ਮਿਲਦੇ
ਹੱਕ ਖੋਹਣੇ ਪੈਦੇ ਨੇ
ਗੈਰਤ ਤੇ ਲੱਗੇ ਦਾਗ
ਲਹੂ ਨਾਲ ਧੋਣੇ ਪੈਦੇ ਨੇ
ਇਨਕਲਾਬ ਬੰਦੂਕ ਦੀ ਨਾਲੀ ਚੌ ਨਿਕਲੇਗਾ
ਅੰਬਰਾਂ ਚੋ ਤੇਰੀ ਆਵਾਜ਼ ਆਉਦੀ ਏ
ਐ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ
ਤੇਰੀ ਯਾਦ ਆਉਦੀ ਏ
ਅੱਜ ਤੇਰੀ ਯਾਦ ਆਉਦੀ ਏ
No comments:
Post a Comment