ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦ
ਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀ
ਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀ
ਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ
ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇ
ਗੁਜਰੀ ਨੇ ਛੋਟਿਆਂ ਨੂੰ ਉਂਗਲੀ ਨਾਲ ਲਾਇਆ ਸੀ
ਪੋਹ ਦੀ ਸੀ ਠੰਡ ਉੱਤੋਂ ਘੁੱਪ ਸੀ ਹਨੇਰਾ ਛਾਇਆ
ਕਹਿਰ ਦਾ ਸੀ ਸਮਾਂ ਜਿਹੜਾ ਗੋਬਿੰਦ ਤੇ ਆਇਆ ਸੀ
ਰਾਤ ਦੇ ਹਨੇਰੇ ਵਿੱਚ ਤੁਰੀ ਜਾਂਦੇ ਤੁਰੀ ਜਾਂਦੇ
ਮੰਜ਼ਲ ਨਾ ਕੋਈ ਜਿਹਦਾ ਠ੍ਹੋਰ ਉਹ ਬਣਾਇਆ ਸੀ
ਥੱਕ ਗਏ ਹਾਂ ਮਾਤਾ ਘੜੀ ਕਰੀਏ ਆਰਾਮ ਏਥੇ
ਗੁਜਰੀ ਨੇ ਬੱਚਿਆਂ ਨੂੰ ਸੀਨੇ ਨਾਲ ਲਾਇਆ ਸੀ
ਨਿੱਕੇ-ਨਿੱਕੇ ਪੈਰਾਂ ਨਾਲ ‘ਸਰ’ਕਰ ਮੰਜ਼ਲਾਂ ਨੂੰ
ਸੇਵਕ ਗ਼ਰੀਬ ਇੱਕ ਆਪ ਮਿਲਾਇਆ ਸੀ
ਗੋਬਿੰਦ ਦੇ ਲਾਲ ਦੇਖ ਕੀਤਾ ਸੀ ਪਿਆਰ ਉਹਨੇ
ਮਾਤਾ ਜੀ ਦੇ ਚਰਨਾਂ’ਚ ਸੀਸ ਨੂੰ ਝੁਕਾਇਆ ਸੀ
ਦਿਨ ਚੜੇ ਸੂਰਜ ਨੇ ਵੰਡੀ ਰੁਸ਼ਨਾਈ ਜਦੋਂ
ਘਰ ਚੱਲੋ ਮੇਰੇ ਗੰਗੂ ਅਰਜ਼ ਗੁਜਾਰੀ ਸੀ
ਰਾਤ ਦੇ ਉਨੀਦੇਂ ਉੱਤੋਂ ਠੰਡ ਦੇ ਸਤਾਏ ਬੱਚੇ
ਛੇਤੀ ਚੱਲੋ ਮਾਤਾ ਝੱਟ ਕਰ ਲਈ ਤਿਆਰੀ ਸੀ
ਤੁਰਿਆ ਸੀ ਜਾਂਦਾ ਗੰਗੂ ਜਦ ਪਿੰਡ ਵੱਲ ਖੇੜੀ ਨੂੰ
ਮੋਹਰਾਂ ਵਾਲੀ ਥੈਲੀ ਮਾਤਾ ਗੰਗੂ ਨੂੰ ਚੁਕਾਈ ਸੀ
ਰੋਟੀ-ਟੁਕ ਕਰ ਛੇਤੀ ਗੋਬਿੰਦ ਦੇ ਲਾਲ ਆਏ
ਖੁਸ਼ੀ ਨਾਲ ਹੱਸ ਕੇ ਤੇ ਮੰਜੀ ਉਹਨੇ ਡਾਈ ਸੀ
ਲਾਲਚ ਦੀ ਅੱਖ ਖੁੱਲੀ ਮਾਇਆ ਵੱਲ ਤੱਕ ਕੇ ਤੇ
ਮੋਹਰਾਂ ਵਾਲੀ ਥੈਲੀ ਉਹਨੇ ਚੁੱਕ ਕੇ ਲੁਕਾਈ ਸੀ
‘ਮੰਗ ਕੇ ਤੂੰ ਰੱਖ ਲੈਦੋਂ’ ਕਹਿਆ ਜਦ ਮਾਤਾ ਜੀ ਨੇ
ਗੁੱਸੇ ਵਿੱਚ ਆਣ ਥਾਣੇ ਚੁਗਲੀ ਜਾ ਲਾਈ ਸੀ
ਆਏ ਸੀ ਸਿਪਾਈ ਜਦ ਪਿੰਡ ਵੱਲ ਖੇੜੀ ਨੂੰ
ਮਾਤਾ ਅਤੇ ਬੱਚਿਆਂ ਨੂੰ ਹੱਥਕੜੀ ਲਾਈ ਸੀ
ਸੂਰਜ ਤੇ ਚੰਨ ਰੋਏ ਧਰਤੀ ਆਕਾਸ਼ ਰੋਏ
ਬੱਦਲਾਂ ਨੇ ਝੜੀ ਉਦੋਂ ਹੰਝੂਆਂ ਦੀ ਲਾਈ ਸੀ
ਆ ਗਈ ਏਂ ਧਰਤੀਏ ਸਰਹੰਦ ਦੀਏ ਜ਼ਾਲਮੇ ਨੀਂ
ਮਾਤਾ ਅਤੇ ਲਾਲ ਦੋਵੇਂ ਕੈਦ ਕਰਵਾਏ ਸੀ
ਧਰਮ ਈਮਾਨ ਛੱਡੋ ਗੱਦੀਆਂ ਸੰਭਾਲੋ ਪਰ
ਲਾਲਚ ਨੂੰ ਤੱਕ ਲਾਲਾਂ ਚਿੱਤ ਨਾ ਡੁਲਾਏ ਸੀ
ਬੱਚੇ ਜਦੋਂ ਮੁੜੇ ਮਾਤਾ ਕੋਲ ਠੰਡੇ ਬੁਰਜ਼ ਵਿੱਚ
ਸੂਬੇ ਨਾਲ ਹੋਈ ਸਾਰੀ ਵਾਰਤਾ ਸੁਣਾਈ ਸੀ
ਅਰਜੁਨ ਗੁਰੂ ਅਤੇ ਤੇਗ਼ ਬਹਾਦਰ ਵਾਲੀ
ਦਾਸਤਾਨ ਮਾਤਾ ਉਦੋਂ ਲਾਲਾਂ ਨੂੰ ਸੁਣਾਈ ਸੀ
ਸੀਸ ਭਾਵੇਂ ਚਲਾ ਜਾਵੇ ਸਿਦਕ ਨਾ ਜਾਵੇ ਕਦੀ
ਸਵਾ ਲੱਖ ਨਾਲ ਕੀਤੀ ਕੱਲੇ ਸਿੰਘ ਨੇ ਲੜਾਈ ਸੀ
ਜ਼ਾਬਰ ਦੇ ਜ਼ੁਲਮ ਅੱਗੇ ਝੁਕਿਓ ਨਾ ਕਦੇ ਤੁਸੀਂ
ਗੁਜਰੀ ਨੇ ਲਾਲਾਂ ਤਾਈਂ ਗੱਲ ਸਮਝਾਈ ਸੀ
ਪਾਪਾਂ ਦੀ ਹਨੇਰੀ ਰਾਤ ਜ਼ਾਲਮਾਂ ਨੇ ਅੱਤ ਚੁੱਕੀ
ਏਸ ਸਮੇਂ ਰੱਬ ਦਾ ਪਿਆਰਾ ਇੱਕ ਆਇਆ ਸੀ
ਰੱਖ ਕੇ ਹਥੇਲੀ ਉੱਤੇ ਜਾਨ ਆਇਆ ਮੋਤੀ ਮਹਿਰਾ
ਮਾਤਾ ਅਤੇ ਬੱਚਿਆਂ ਨੂੰ ਦੁੱਧ ਵੀ ਪਿਆਇਆ ਸੀ
ਹੋਈ ਪ੍ਰਭਾਤ ਜਦੋਂ ਲੈਣ ਆ ਗਏ ਲਾਲਾਂ ਤਾਈਂ
ਬੱਚਿਆਂ ਦੀ ਜੋੜੀ ਮਾਤਾ ਹਿੱਕ ਨਾਲ ਲਾਈ ਸੀ
ਮੁਲਾਕਾਤ ਆਖਰੀ ਏ ਮਾਤਾ ਜੀ ਨੇ ਜਾਣ ਲਿਆ
ਜਾਣ ਲੱਗੇ ਫ਼ਤਹਿ ਤਾਹੀਂਓ ਆਖ਼ਰੀ ਬੁਲਾਈ ਸੀ
ਅੱਗੇ-ਅੱਗੇ ਲਾਲ ਜਾਂਦੇ ਪਿੱਛੇ ਨੇ ਸਿਪਾਹੀ ਤੁਰੇ
ਸੂਬੇ ਦੀ ਕਚਹਿਰੀ ਜਾ ਫ਼ਤਹਿ ਉਹ ਬੁਲਾਈ ਸੀ
ਮੰਨੋਂ ਤੁਸੀਂ ਈਨ ਸਾਡੀ ‘ਕਾਫ਼ਰਾਂ’ ਦਾ ਸੰਗ ਛੱਡੋ
ਸੂਬੇ ਨੇ ਲਾਲਾਂ ਤਾਈਂ ਗੱਲ ਸਮਝਾਈ ਸੀ
ਮੌਤ ਨੂੰ ਵਿਆਉਣ ਅਸੀਂ ਸੂਬਿਆ ਆਏ ਹਾਂ
ਜੌਰਾਵਰ ਗੱਜ ਕੇ ਚੋਟ ਡੰਕੇ ਤੇ ਲਾਈ ਸੀ
ਸੱਪ ਦੇ ਬੱਚੇ ਕਦੀ ਮਿੱਤ ਨਹੀਂਓ ਹੋਣ ਲੱਗੇ
ਸੁੱਚਾ ਨੰਦ ਆਣ ਕੇ ਤੇ ਅੱਗ ਹੋਰ ਲਾਈ ਸੀ
ਗੁੱਸੇ ਵਿੱਚ ਲਾਲ ਹੋ ਕੇ ਕਾਜ਼ੀ ਵੱਲ ਤੱਕ ਸੂਬਾ
ਸ਼ਰ੍ਹਾ ਦੇ ਮੁਤਾਬਕ ਦੇਖੋ ਸਜ਼ਾ ਕੀ ਬਣਾਈ ਸੀ
ਜਿਊਂਦੇ ਜੀਅ ਨੀਹਾਂ ਵਿੱਚ ਚਿੰਣ ਦਿਉ ਲਾਲਾਂ ਤਾਈਂ
ਆਖ ਕੇ ਤੇ ਜ਼ੁਲਮ ਵਾਲੀ ਹੱਦ ਉਸ ਮੁਕਾਈ ਸੀ
ਸੂਬੇ ਦੀ ਕਹਚਿਰੀ ਵਿੱਚ ਬੈਠਾ ਹੋਇਆ ਸ਼ੇਰ ਖਾਨ
ਜ਼ਾਲਮਾਂ ਦੇ ਫ਼ੈਸਲੇ ਤੋਂ ਡਾਹਢਾ ਤੰਗ ਹੋਇਆ ਸੀ
ਹਾਅ ਦਾ ਨਾਅਰਾ ਮਾਰ ਕਹਚਿਰੀ ਵਿੱਚੋਂ ਚਲਾ ਗਿਆ
ਜ਼ੁਲਮ ਖਿਲਾਫ਼ ਕੱਲਾ ਸੂਰਮਾਂ ਖਲੋਇਆ ਸੀ
ਅੰਬਰ ਵੀ ਰੋਏ ਉਦੋਂ ਧਰਤੀ ਵੀ ਧਾਹ ਮਾਰੀ
ਸ਼ਹੀਦੀ ਵਾਲਾ ਜਾਮ ਜਦੋਂ ਲਾਲਾਂ ਨੂੰ ਪਿਆਇਆ ਸੀ
ਸੁਣਕੇ ਸ਼ਹੀਦੀ ਸਾਕਾ ਮਾਤਾ ਜੀ ਅਡੋਲ ਹੋ ਗਏ
ਭਾਣਾ ਕਰਤਾਰ ਦਾ ਸਤਿ ਕਹਿ ਕੇ ਮਨਾਇਆ ਸੀ
ਗੋਬਿੰਦ ਪਿਆਰੇ ਅੱਜ ਕਰਜ਼ ਉਤਾਰ ਦਿੱਤਾ
ਉੱਮਰ ਸੀ ਨੌਂ ਵਰੇ ਸ਼ਹੀਦ ਪਿਤਾ ਕਰਵਾਇਆ ਸੀ
ਵੱਡੇ ਅਤੇ ਛੋਟੇ ਲਾਲ ਮਾਤਾ ਨਾਲ ਚਲੇ ਗਏ
ਹਾਲ ਮੁਰੀਦਾਂ ਦਾ ਫਿ਼ਰ ਮਿੱਤਰ ਨੂੰ ਸੁਣਾਇਆ ਸੀ