ਉਹ ਭੁਲੇਖੇ ਵਿਚ ਨੇ ਬਾਈ,
ਜਿਹੜੇ ਸੋਚਦੇ ਨੇ ਕਿ
ਬੁੜੈਲ ਜ਼੍ਹੇਲ ਦੇ ਗੇਟ ‘ਤੇ ਕੰਬਲ ਤਾਣ ਕੇ,
ਤੈਨੂੰ ਸਾਥੋਂ ਲਕੋ ਲੈਣਗੇ।
ਉਹ ਨਹੀਂ ਜਾਣਦੇ,
...ਤੂੰ ਤਾਂ ਸਾਡੇ ਦਿਲਾਂ ‘ਚ ਵਸਦੈਂ।
ਅਸਲ ਵਿਚ ਉਹ ਡਰਦੇ ਨੇ ਬਾਈ,
ਕਿ ਕਿਤੇ ਮੌਤ ਮੂਹਰੇ ਹਿੱਕਾਂ ਤਾਣ ਕੇ ਖੜ੍ਹੇ,
ਦਸ਼ਮੇਸ਼ ਦੇ ਦੁਲਾਰਿਆਂ ਦੀ ਮੁਸਕੁਰਾਹਟ,
ਦੁਨੀਆਂ ਮੂਹਰੇ ਨਾ ਆ ਜਾਵੇ।
ਕਿਉਕਿ,
ਉਹਨਾਂ ਨੇ ਤਾਂ,
ਸਜਾ ਮਿਲਣ ਵਾਲੇ ਮੁਜ਼ਰਮਾਂ ਨੂੰ ਰੋਂਦੇ ਹੀ ਵੇਖਿਐ,
ਤੇ ਤੁਸੀਂ ਜੈਕਾਰੇ ਛੱਡਦੇ,
ਉਹਨਾਂ ਤੋਂ ਜ਼ਰੇ ਨਹੀਂ ਜਾਂਦੇ।
ਤੁਹਾਨੂੰ ਫਾਂਸੀ ਦੀ ਸਜਾ ਸੁਣਾ ਕੇ ਵੀ,
ਅਦਾਲਤ ਨੂੰ ਆਪਣਾ ਆਪ ਹਾਰਦਾ ਦਿਸਦੈ,
ਤੇ ਤੁਸੀ ਜੇਤੂ ਲੱਗਦੇ ਓ।
ਸੁਣਿਐ ਬਾਈ,
ਉਹਨਾਂ ਨੇ ਬੁੜੈਲ ਦੀਆਂ ਕੰਧਾਂ,
ਸਟੀਲ ਦੀਆਂ ਬਣਾ ਦਿੱਤੀਆਂ ਨੇ।
ਉਹ ਹਾਰ ਰਹੇ ਨੇ ਬਾਈ,
ਤੇ ਤੁਸੀਂ ਜਿੱਤ ਰਹੇ ਓ।
ਉਹ ਸੋਚਦੇ ਨੇ,
ਸੂਰਜ ਨੂੰ ਕਤਲ ਕਰਕੇ,
ਹਨੇਰ ਫੈਲਾ ਦੇਣਗੇ,
ਪਰ ਸੂਰਜ ਦੀਆਂ ਕਿਰਨਾਂ ਤਾਂ,
ਪੂਰੇ ਪੰਜਾਬ ਵਿਚ ਫੈਲ ਚੁੱਕੀਆਂ ਨੇ।
ਸਚੁਮੱਚ ਬਾਈ,
ਹੁਣ ਤੈਨੂੰ ਸਿਖ ਗੱਭਰੂ,
ਅੱਤਵਾਦੀ ਨਹੀਂ ‘ਯੋਧਾ’ ਆਖਦੇ ਨੇ।
ਤੇਰੀ ਤੱਕਣੀ ਤੇ ਤੇਰੀ ਤੋਰ ਦੇ ਕਾਇਲ ਨੇ।
ਸੜਕਾਂ ਉੱਤੇ ਸੰਘਰਸ਼ ਕਰ ਰਹੇ ਲੋਕ,
ਨਾਹਰੇ ਮਾਰ ਰਹੇ ਨੇ,
‘ਜੇਕਰ ਜ਼ੁਲਮ ਨਾ ਥੰਮਣਗੇ,
ਘਰ ਘਰ ਹਵਾਰੇ ਜੰਮਣਗੇ’।
No comments:
Post a Comment