ਕਵੀ ਕੁੱਤੇ ਨੂੰ.........
ਸੁਣ ਉਏ ਕੁੱਤਿਆ ਕੁੱਤੀਆਂ ਕਰੇਂ ਗੱਲਾਂ,ਕੁੱਤਾ ਜੱਗ ਦੇ ਵਿੱਚ ਅਖਵਾਉਨਾ ਏਂ |
ਆਪਣੇ ਕੁੱਲ ਸ਼ਰੀਕੇ ਨਾਲ ਵੈਰ ਰੱਖੇਂ, ਭਾਈ ਮਿਲਣ ਤਾਂ ਦੰਦ ਚੜਾਉਨਾ ਏਂ |
ਲੰਘੇ ਰਾਹੀ ਤਾਂ ਕੱਢਦੈਂ ਸੱਤ ਗਾਲਾਂ, ਦਾਅ ਲੱਗਜੇ ਤਾਂ ਬੁਰਕ ਚਲਾਉਨਾ ਏਂ |
ਬੁਰਕੀ ਟੁੱਕ ਦੀ ਵੇਖ ਕੇ ਪੂਛ ਮਾਰੇਂ, ਹੱਡ ਚੁੱਕ ਕੇ ਘਰੇ ਲਿਆਉਨਾ ਏਂ |
ਥੋੜੀ ਬਹੁਤੀ ਸੀ ਚਾਹੀਦੀ ਸ਼ਰਮ ਕਰਨੀ,ਅਕਲ ਖਾਨਿਓ ਗਈ ਮਾੜੂਸ ਤੇਰੀ |
ਉਮਰ ਲੰਘਜੂ ਸਾਰੀ ਭੌਕਦੇ ਦੀ, ਸਿੱਧੀ ਹੋਣੀ ਨੀ ਬੁੱਧੂਆ ਪੂਛ ਤੇਰੀ ||
ਕੁੱਤਾ ਕਵੀ ਨੂੰ .....
ਓ ਸ਼ਾਇਰਾ ਮੂੰਹ ਸੰਭਾਲ ਕੇ ਗੱਲ ਕਰ ਤੂੰ,ਤੇਰੀ ਸ਼ਾਇਰੀ ਨੂੰ ਲੱਖ ਸਲਾਹੁਣ ਬੰਦੇ |
ਮੈਂ ਨੀ ਭੌਕਦਾ ਝੂਠ,ਅਪਰਾਧ,ਚੁਗਲੀ, ਜਿਵੇ ਸੁਬੀਓਂ ਸੱਪ ਬਨਾਉਣ ਬੰਦੇ |
ਓ ਦੱਸ ਕਦੋਂ ਮੈਂ ਪਿਉ ਤੇ ਭਰਾ ਮਾਰੇ, ਜਿਵੇਂ ਨਿੱਤ ਕਰਤੂਤ ਵਖਾਉਣ ਬੰਦੇ |
ਮੈਂ ਰਾਹੀਆਂ ਨੂੰ ਭੌਂਕਿਆ ਕੀ ਗਜ਼ਬ ਕਰਤਾ,ਰਾਹੀ ਲੁੱਟ ਕੇ ਕਤਲ ਕਰਵਾਉਣ ਬੰਦੇ |
ਮੇਰੇ ਦੰਦ ਹੀ ਦਿਸਣ ਹਥਿਆਰ ਤੈਨੂੰ,ਤੋਪਾਂ,ਬੰਬ,ਬੰਦੂਕ ਚਲਾਉਣ ਬੰਦੇ |
ਮੇਰੀ ਟੁੱਕ ਦੀ ਬੁਰਕੀ ਤੇ ਪੂਛ ਪਰਖੇਂ,ਖਾਤਰ ਟੁੱਕ ਦੀ ਧੰਦੇ ਕਰਵਾਉਣ ਬੰਦੇ |
ਲੂਣ ਖਾ ਕੇ ਮੈਂ ਕੀਹਦਾ ਹਰਾਮ ਕੀਤੈ,ਨਾਲ ਖਾ ਕੇ ਯਾਰ ਮਰਵਾਉਣ ਬੰਦੇ |
ਮੈਂ ਹੱਡ ਚੁੱਕ ਲਿਆਂਦਾ ਤੂੰ ਮਿਹਣਾ ਮਾਰ ਦਿੱਤਾ,ਸਿਰ ਬੰਦਿਆਂ ਦੇ ਵੱਢ ਲਿਆਉਣ ਬੰਦੇ |
ਤੇਰੀ ਕਲਮ ਨੂੰ ਓਦੋਂ ਕੀ ਸੱਪ ਸੁੰਘਦੈ, ਧੀਆਂ ਵੇਚਦੇ ਨਾ ਜਦੋਂ ਸ਼ਰਮਾਉਣ ਬੰਦੇ |
ਤੂੰ ਮੇਰਾ ਕੁੱਤੇ ਦਾ ਕੁੱਤ-ਪੁਣਾ ਵੇਖਿਆ ਕੀ ? ਮਾੜਾ ਵੇਖਕੇ ਚੜ ਗਿਆ ਹਰਖ਼ ਤੈਨੂੰ |
ਚਾਰ ਟੋਟਕੇ ਜੋੜ ਕੇ ਸ਼ਾਇਰ ਬਣ ਗਿਆ ,ਸੱਚ-ਝੂਠ ਦੀ ਭੋਰਾ ਨਾ ਪਰਖ਼ ਤੈਨੂੰ ||